ਕਰੋਨਾ ਕਾਲ ਦੇ 5 ਸਾਲ ਦੇ ਵਕਫ਼ੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਲਵੇ ਦੇ ਇਤਿਹਾਸਕ ਪੇਂਡੂ ਮੇਲੇ ਛਪਾਰ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ । ਇਸ ਮੌਕੇ ਲੁਧਿਆਣਾ ਦਿਹਾਤੀ ਤੇ ਸ਼ਹਿਰੀ ਅਕਾਲੀ ਦਲ ਦੇ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ ਦਲਜੀਤ ਸਿੰਘ ਚੀਮਾ ਨੇ ਸਮੂਹ ਵਰਕਰਾਂ ਨੂੰ ਜੋਸ਼ ਨਾਲ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ । ਮੀਡੀਆ ਨਾਲ ਗੱਲਬਾਤ ਦੌਰਾਨ ਡਾ ਚੀਮਾ ਨੇ ਦੱਸਿਆ ਕਿ ਹਲਕਾ ਦਾਖਾ ਤੇ ਹੋਰ ਇਲਾਕੇ ਜੋ ਇਸ ਮੇਲੇ ਦੀ ਹੱਦ ਵਿੱਚ ਆਉਂਦੇ ਹਨ ਉੱਥੇ ਸਾਰੇ ਵਰਕਰਾਂ ਤੇ ਆਗੂਆਂ ਦੀ ਡਿਊਟੀ ਸਗਾ ਦਿੱਤੀ ਹੈ ਅਤੇ ਇਹ ਸਿਆਸੀ ਕਾਨਫਰੰਸ ਮਾਲਵੇ ਵਿੱਚ ਇੱਕ ਇਤਿਹਾਸਕ ਕਾਨਫਰੰਸ ਵਜੋਂ ਜਾਣੀ ਜਾਵੇਗੀ । ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਐਮ ਪੀ ਅਤੇ ਸ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ । ਡਾ ਦਲਜੀਤ ਸਿੰਘ ਚੀਮਾ ਨੇ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਮੁਹਾਜ਼ ਤੇ ਫ਼ੇਲ੍ਹ ਹੋ ਚੁੱਕੀ ਹੈ ਅਤੇ ਸਰਕਾਰ ਕੇਵਲ ਗੁੰਡਾਗਰਦੀ ਕਰ ਰਹੀ ਹੈ । ਸਰਕਾਰ ਨੂੰ ਸਵਾਲ ਪੁੱਛਣ ਤੇ ਧਮਕੀਆਂ ਦੇਣਾ ਤੇ ਤਸ਼ੱਦਦ ਕਰਨਾ ਲੋਕਤੰਤਰ ਦਾ ਘਾਣ ਕਰਨਾ ਹੈ । ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਾ ਅਤੇ ਗੈਂਗਸਟਰਵਾਦ ਚਰਨ ਸੀਮਾ ਤੇ ਹੈ ਅਤੇ ਸਰਕਾਰ ਕੇਵਲ ਚੁਟਕਲੇ ਸੁਣਾ ਕੇ ਸਮਾਂ ਲੰਘਾਂ ਰਹੀ ਹੈ ਜਦਕਿ ਪੰਜਾਬ ਕਰਜ਼ੇ ਵਿੱਚ ਡੁੱਬ ਚੁੱਕਾ ਹੈ । ਡਾ ਚੀਮਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਅਤੇ ਪੰਜਾਬ ਨੂੰ ਤਰੱਕੀ ਦਾ ਰਾਹ ਤੇ ਲਿਆਉਣ ਲਈ ਆਪਣਾ ਯੋਗਦਾਨ ਪਾਉਣ ।